ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅਮਰਿੰਦਰ ਗਿੱਲ ਦੀ ਬਹੁਚਰਚਿਤ ਫ਼ਿਲਮ ‘ਚੱਲ ਮੇਰਾ ਪੁੱਤ 4’ ਹੁਣ ਪੰਜਾਬੀ ਮਨੋਰੰਜਨ ਦੇ ਪ੍ਰਸਿੱਧ ਓਟੀਟੀ ਪਲੇਟਫਾਰਮ ਚੌਪਾਲ ‘ਤੇ ਸਟ੍ਰੀਮ ਹੋ ਰਹੀ ਹੈ। ਅਗਸਤ 2025 ਵਿੱਚ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਹੁਣ ਭਾਰਤ ਦੇ ਦਰਸ਼ਕ ਵੀ ਇਸ ਫ਼ਿਲਮ ਦਾ ਆਨੰਦ ਆਪਣੇ ਘਰ ਬੈਠੇ ਲੈ ਸਕਣਗੇ।
ਪਿਛਲੇ ਕੁਝ ਸਾਲਾਂ ਦੌਰਾਨ ‘ਚੱਲ ਮੇਰਾ ਪੁੱਤ’ ਫ਼੍ਰੈਂਚਾਇਜ਼ੀ ਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਦੋਸਤੀ, ਪਰਿਵਾਰਕ ਰਿਸ਼ਤਿਆਂ, ਪਰਵਾਸੀ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਹਾਸੇ ਨਾਲ ਭਰਪੂਰ ਇਸ ਲੜੀ ਨੇ ਦੁਨੀਆ ਭਰ ਦੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ।
ਅਮਰਿੰਦਰ ਗਿੱਲ ਦੀ ਅਦਾਕਾਰੀ ਅਤੇ ਭਾਵਨਾਤਮਕ ਕਹਾਣੀਆਂ ਨੇ ਇਸ ਫ਼੍ਰੈਂਚਾਇਜ਼ੀ ਨੂੰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਸਫ਼ਲ ਫ਼ਿਲਮ ਲੜੀਆਂ ਵਿੱਚ ਸ਼ਾਮਲ ਕਰ ਦਿੱਤਾ ਹੈ। ਹਰ ਹਿੱਸੇ ਦੀ ਤਰ੍ਹਾਂ, ‘ਚੱਲ ਮੇਰਾ ਪੁੱਤ 4’ ਵੀ ਮਨੋਰੰਜਨ ਅਤੇ ਭਾਵਨਾਵਾਂ ਦਾ ਖ਼ੂਬਸੂਰਤ ਮੇਲ ਪੇਸ਼ ਕਰਦੀ ਹੈ।
ਜੰਜੋਤ ਸਿੰਘ ਵੱਲੋਂ ਨਿਰਦੇਸ਼ਿਤ ਅਤੇ ਰਾਕੇਸ਼ ਧਵਨ ਵੱਲੋਂ ਲਿਖੀ ਗਈ ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਿੰਮੀ ਚਾਹਲ, ਗੁਰਸ਼ਬਦ, ਹਰਦੀਪ ਗਿੱਲ, ਇਫ਼ਤਿਖਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ, ਹਮਜ਼ਾ ਬੁੱਧ, ਸੁਕੀ ਛੋਟ, ਸੀਮਾ ਕੌਸ਼ਲ ਅਤੇ ਮੋਹਿਨੀ ਤੂਰ ਸਮੇਤ ਕਈ ਮਸ਼ਹੂਰ ਕਲਾਕਾਰ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ।
ਫ਼ਿਲਮ ਦੀ ਕਹਾਣੀ ਜਿੰਦਰ ਅਤੇ ਉਸ ਦੇ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੂੰ ਅਚਾਨਕ ਇੱਕ ਅਜਿਹਾ ਬੈਗ ਮਿਲ ਜਾਂਦਾ ਹੈ ਜਿਸ ਵਿੱਚ ਇੱਕ ਮਿਲੀਅਨ ਪੌਂਡ ਹੁੰਦੇ ਹਨ। ਇਸ ਤੋਂ ਬਾਅਦ ਕਈ ਹਾਸੋਹੀਣੀਆਂ ਅਤੇ ਦਿਲਚਸਪ ਸਥਿਤੀਆਂ ਪੈਦਾ ਹੁੰਦੀਆਂ ਹਨ, ਜੋ ਦਰਸ਼ਕਾਂ ਨੂੰ ਹੱਸਣ ਅਤੇ ਭਾਵੁਕ ਹੋਣ ਲਈ ਮਜਬੂਰ ਕਰਦੀਆਂ ਹਨ।
ਫ਼ਿਲਮ ਵਿੱਚ ਦੋਸਤੀ, ਸੰਘਰਸ਼ ਅਤੇ ਪਰਵਾਸੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਪਹਿਲਾਂ ਦੀਆਂ ਫ਼ਿਲਮਾਂ ਵਾਂਗ ਹੀ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਇਹੀ ਕਾਰਨ ਹੈ ਕਿ ‘ਚੱਲ ਮੇਰਾ ਪੁੱਤ’ ਫ਼੍ਰੈਂਚਾਇਜ਼ੀ ਨੂੰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਪਿਆਰੀਆਂ ਫ਼ਿਲਮ ਲੜੀਆਂ ਵਿੱਚ ਗਿਣਿਆ ਜਾਂਦਾ ਹੈ।
ਚੌਪਾਲ ਵੱਲੋਂ ਇਸ ਫ਼ਿਲਮ ਨੂੰ ਆਪਣੇ ਪਲੇਟਫਾਰਮ ‘ਤੇ ਸ਼ਾਮਲ ਕਰਨਾ ਪੰਜਾਬੀ ਸਿਨੇਮਾ ਅਤੇ ਖੇਤਰੀ ਕਹਾਣੀਆਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਉਸ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਪੰਜਾਬੀ ਫ਼ਿਲਮਾਂ, ਵੈੱਬ ਸੀਰੀਜ਼ ਅਤੇ ਮੂਲ ਸਮੱਗਰੀ ਦੀ ਵਿਸ਼ਾਲ ਲਾਇਬ੍ਰੇਰੀ ਨਾਲ ਚੌਪਾਲ ਪੰਜਾਬੀ ਮਨੋਰੰਜਨ ਦਾ ਇੱਕ ਅਹਿਮ ਡਿਜੀਟਲ ਕੇਂਦਰ ਬਣ ਚੁੱਕਾ ਹੈ।
ਹੁਣ ਪੰਜਾਬੀ ਫ਼ਿਲਮਾਂ ਦੇ ਪ੍ਰਸ਼ੰਸਕ ‘ਚੱਲ ਮੇਰਾ ਪੁੱਤ 4’ ਨੂੰ ਚੌਪਾਲ ‘ਤੇ ਕਦੇ ਵੀ ਅਤੇ ਕਿਤੇ ਵੀ ਦੇਖ ਸਕਦੇ ਹਨ।




