Homeਸਾਹਿਤਕ ਰਚਨਾਵਾਂਆ ਗਏ ਪੱਗਾਂ ਪੋਚਵੀਆਂ ਵਾਲ਼ੇ—ਜ਼ਰਾ ਬਚ ਕੇ ਰਹੀਂ ਗੁਰਨਾਮ ਕੁਰੇ!

ਆ ਗਏ ਪੱਗਾਂ ਪੋਚਵੀਆਂ ਵਾਲ਼ੇ—ਜ਼ਰਾ ਬਚ ਕੇ ਰਹੀਂ ਗੁਰਨਾਮ ਕੁਰੇ!

ਬੁੱਧ ਚਿੰਤਨ 

“ਆ ਗਏ ਪੱਗਾਂ ਪੋਚਵੀਆਂ ਵਾਲ਼ੇ—

ਜ਼ਰਾ ਬਚ ਕੇ ਰਹੀਂ ਗੁਰਨਾਮ ਕੁਰੇ!

ਇਹ ਸਿਰਫ਼ ਤਨਜ਼ ਦੀਆਂ ਸਤਰਾਂ ਨਹੀਂ, ਪੰਜਾਬ ਦੇ ਇਤਿਹਾਸ ਅਤੇ ਵਰਤਮਾਨ ਵਿਚਕਾਰ ਖੜ੍ਹਾ ਇੱਕ ਤਿੱਖਾ ਸਵਾਲ ਹੈ। ਜਦੋਂ ਧਰਮ, ਇਆ ਗਏ ਪੱਗਾਂ ਪੋਚਵੀਆਂ ਵਾਲ਼ੇ—ਜ਼ਰਾ ਬਚ ਕੇ ਰਹੀਂ ਗੁਰਨਾਮ ਕੁਰੇ!ਨਕਲਾਬ ਅਤੇ ਆਜ਼ਾਦੀ ਦੇ ਨਾਅਰੇ ਲੋਕਾਂ ਦੀ ਮੁਕਤੀ ਦੀ ਥਾਂ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਵਰਤੇ ਜਾਣ ਲੱਗਣ, ਤਾਂ ਆਮ ਮਨੁੱਖ ਕਿਸ ਪਾਸੇ ਜਾਵੇ?

ਸਿਆਣੇ ਆਖਦੇ ਹਨ ਕਿ ਜਦੋਂ ਕੋਈ ਧਰਮ ਦੀ ਓਟ ਲੈ ਕੇ ਆਜ਼ਾਦੀ ਦੀ ਗੱਲ ਕਰੇ ਤਾਂ ਉਸਦੇ ਨਾਅਰੇ ਨਾਲੋਂ ਉਸਦੀ ਸੋਚ ਅਤੇ ਮਨਸ਼ਾ ਨੂੰ ਪਰਖਣਾ ਚਾਹੀਦਾ ਹੈ। ਕਿਉਂਕਿ ਧਰਮ ਮਨੁੱਖ ਨੂੰ ਜੋੜਨ ਦਾ ਰਾਹ ਵੀ ਬਣ ਸਕਦਾ ਹੈ ਅਤੇ ਸੱਤਾ ਦੇ ਹੱਥਾਂ ਵਿੱਚ ਵੰਡ ਦਾ ਹਥਿਆਰ ਵੀ।

ਅੱਜ ਫਿਰ ਪੰਜਾਬ ਵਿੱਚ ਅਜਿਹੇ ਬਿਰਤਾਂਤ ਉੱਭਰ ਰਹੇ ਹਨ ਜਿਹੜੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਹਨ ਜਿਵੇਂ ਰੁਜ਼ਗਾਰ, ਸਿੱਖਿਆ, ਸਿਹਤ, ਨਸ਼ਾ, ਖੇਤੀ, ਪਾਣੀ ਅਤੇ ਰੋਟੀ ਆਦਿ ਨੂੰ ਪਿੱਛੇ ਧੱਕ ਕੇ ਭਾਵਨਾਵਾਂ ਨੂੰ ਅੱਗ ਲਾਉਂਦੇ ਹਨ। ਭਾਵਨਾਵਾਂ ਨੂੰ ਭੜਕਾਉਣ ਲਈ ਸਿਆਸੀ ਪਾਰਟੀਆਂ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਨੂੰ ਲੋਕਾਂ ਦੀ ਜਾਨ ਮਾਲ ਦਾ ਫ਼ਿਕਰ ਨਹੀਂ ਹੁੰਦਾ। ਉਹਨਾਂ ਨੇ ਤਾਂ ਕੁਰਸੀ ਹਥਿਆਉਣੀ ਹੁੰਦੀ ਹੈ। ਉਹਨਾਂ ਨੂੰ ਆਮ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ।

ਸਿਆਸੀ ਆਗੂ ਪੱਗ ਬੰਨ੍ਹ ਲੈਣ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। “ਇਨਕਲਾਬ ਜ਼ਿੰਦਾਬਾਦ” ਆਖ ਦੇਣ ਨਾਲ ਕੋਈ ਇਨਕਲਾਬੀ ਨਹੀਂ ਬਣ ਜਾਂਦਾ। ਭਗਤ ਸਿੰਘ ਦੀ ਪੱਗ ਦੀ ਨਕਲ ਹੋ ਸਕਦੀ ਹੈ, ਉਸਦੀ ਸੋਚ ਦੀ ਨਹੀਂ। ਉਸਦੀ ਵਿਚਾਰਧਾਰਾ ਦੀ ਨਹੀਂ। ਭਗਤ ਸਿੰਘ ਦੀ ਇਨਕਲਾਬੀ ਸੋਚ ਦਾ ਕੇਂਦਰ ਮਨੁੱਖ ਦੀ ਆਜ਼ਾਦੀ, ਬਰਾਬਰੀ ਅਤੇ ਸ਼ੋਸ਼ਣ ਤੋਂ ਮੁਕਤੀ ਸੀ। ਇਸ ਲਈ ਅਸਲ ਸਵਾਲ ਇਹ ਨਹੀਂ ਕਿ ਕੌਣ ਕਿਹੜਾ ਨਾਅਰਾ ਲਾ ਰਿਹਾ ਹੈ, ਸਵਾਲ ਇਹ ਹੈ ਕਿ ਉਸ ਨਾਅਰੇ ਦੇ ਪਿੱਛੇ ਖੜ੍ਹੀ ਸੋਚ ਆਮ ਮਨੁੱਖ ਨੂੰ ਕੀ ਦੇ ਰਹੀ ਹੈ? ਆਜ਼ਾਦੀ, ਬਰਾਬਰਤਾ ਤੇ ਆਪਣੇ ਹੱਕਾਂ ਲਈ ਲੜਨ ਦੀ ਸ਼ਕਤੀ।

ਹਮੇਸ਼ਾ ਮਾੜੀ ਧਾੜ ਨੀਵੇਂ ਉੱਤੇ ਹੀ ਕਿਉਂ? ਪਾਣੀ ਨੀਵੇਂ ਪਾਸੇ ਵਗਦਾ ਹੈ। ਤਾਕਤ ਦਾ ਡੰਡਾ ਵੀ ਅਕਸਰ ਕਮਜ਼ੋਰ ਦੇ ਸਿਰ ਹੀ ਵੱਜਦਾ ਹੈ। ਸਦੀਆਂ ਤੋਂ ਆਮ, ਗਰੀਬ ਅਤੇ ਹਾਸ਼ੀਏ ਉੱਤੇ ਖੜ੍ਹੇ ਲੋਕ ਹੀ ਹਿੰਸਾ ਅਤੇ ਟਕਰਾਅ ਦੀ ਸਭ ਤੋਂ ਵੱਡੀ ਕੀਮਤ ਚੁਕਾਉਂਦੇ ਆਏ ਹਨ। ਕੁਰਬਾਨੀਆਂ ਵੀ ਉਹੀ ਦਿੰਦੇ ਹਨ ਅਤੇ ਬਾਅਦ ਵਿੱਚ ਇਤਿਹਾਸ ਦੇ ਸਫ਼ਿਆਂ ਉੱਤੇ ਜਿੱਤ ਦੇ ਝੰਡੇ ਕੋਈ ਹੋਰ ਗੱਡ ਜਾਂਦਾ ਹੈ। ਭਰਾ ਮਾਰੂ ਟਕਰਾਅ ਵਿੱਚ ਮਰਦਾ ਆਮ ਮਨੁੱਖ ਹੈ, ਪਰ ਇਸ ਦੀ ਸਿਆਸੀ ਖੱਟੀ ਕੌਣ ਖੱਟਦਾ ਹੈ ? ਇਹ ਸਵਾਲ ਪੁੱਛਣਾ ਹੀ ਅਸਲ ਚਿੰਤਨ ਹੈ।

ਅੱਜ ਸੋਸ਼ਲ ਮੀਡੀਆ ਨੇ ਇਸ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ। ਬਿਨਾਂ ਤੱਥਾਂ ਦੀ ਜਾਂਚ ਕੀਤੇ, ਭੜਕਾਊ ਸ਼ਬਦਾਂ ਅਤੇ ਅਧੂਰੀਆਂ ਜਾਣਕਾਰੀਆਂ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕਾਉਣੀਆਂ ਬਹੁਤ ਸੌਖੀਆਂ ਹੋ ਗਈਆਂ ਹਨ। ਫੇਸਬੁੱਕ ਦੇ ‘ਸੂਰਮੇ’ ਸਕਿੰਟਾਂ ਵਿੱਚ ਭੀੜ ਖੜ੍ਹੀ ਕਰ ਸਕਦੇ ਹਨ, ਪਰ ਉਸ ਭੀੜ ਨੂੰ ਵਾਪਸ ਸ਼ਾਂਤੀ ਦੇ ਰਾਹ ਪਾਉਣ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਇੱਥੇ ਬੁੱਧੀਜੀਵੀ ਵਰਗ ਦੀ ਚੁੱਪ ਵੀ ਇੱਕ ਵੱਡਾ ਸਵਾਲ ਹੈ।

ਜਦੋਂ ਸਮਾਜ ਵਿੱਚ ਨਫ਼ਰਤ ਦਾ ਬੀਜ ਬੀਜਿਆ ਜਾ ਰਿਹਾ ਹੋਵੇ, ਉਦੋਂ ਚੁੱਪ ਰਹਿਣਾ ਨਿਰਪੱਖਤਾ ਨਹੀਂ ਹੁੰਦੀ। ਤਰਕ ਦੀ ਆਵਾਜ਼ ਨੂੰ ਭੜਕਾਊ ਸ਼ੋਰ ਦੇ ਵਿਚਕਾਰ ਸੁਣਾਉਣਾ ਹੀ ਬੁੱਧੀਜੀਵੀ ਦੀ ਅਸਲ ਜ਼ਿੰਮੇਵਾਰੀ ਹੈ।

ਇਤਿਹਾਸ ਨੂੰ ਦੁਬਾਰਾ ਲਿਖਣ ਤੋਂ ਪਹਿਲਾਂ ਉਸਨੂੰ ਪੜ੍ਹੋ ਤੇ ਉਸ ਨੂੰ ਆਪਣੇ ਕਲਾਵੇ ਵਿੱਚ ਲਵੋ।

ਪੰਜਾਬ ਨੇ ਹਿੰਸਾ ਦੇ ਦੌਰ ਦੀ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ। ਹਜ਼ਾਰਾਂ ਪਰਿਵਾਰਾਂ ਦੇ ਘਰ ਉੱਜੜੇ, ਪੀੜ੍ਹੀਆਂ ਦੇ ਮਨਾਂ ਵਿੱਚ ਡਰ ਵੱਸਿਆ ਅਤੇ ਸਮਾਜਿਕ ਭਰੋਸਾ ਟੁੱਟਿਆ। ਇਤਿਹਾਸ ਦਾ ਕੰਮ ਸਾਨੂੰ ਫਿਰ ਉਹੀ ਰਸਤਾ ਦਿਖਾਉਣਾ ਨਹੀਂ, ਉਸ ਰਸਤੇ ਦੇ ਨਤੀਜਿਆਂ ਤੋਂ ਸਬਕ ਸਿਖਾਉਣਾ ਹੈ।

ਜੇ ਚਾਰ ਦਹਾਕੇ ਪਹਿਲਾਂ ਦੀਆਂ ਗਲਤੀਆਂ ਨੂੰ ਸਮਝਣ ਦੀ ਥਾਂ ਉਨ੍ਹਾਂ ਦੀ ਰਾਜਨੀਤਕ ਵਰਤੋਂ ਫਿਰ ਸ਼ੁਰੂ ਹੋ ਜਾਵੇ ਤਾਂ ਸਵਾਲ ਪੁੱਛਣਾ ਬਣਦਾ ਹੈ ਕਿ ਪੰਜਾਬ ਨੂੰ ਫਿਰ ਕਿਸ ਲਈ ਤਿਆਰ ਕੀਤਾ ਜਾ ਰਿਹਾ ਹੈ? ਲੋਕਾਂ ਦੀ ਆਜ਼ਾਦੀ ਲਈ ਜਾਂ ਕਿਸੇ ਹੋਰ ਦੀ ਸਿਆਸੀ ਖੱਟੀ ਲਈ?

ਕਬੀਰ ਜੀ ਆਖਦੇ ਹਨ:

“ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥

ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥”

ਇਨ੍ਹਾਂ ਸਤਰਾਂ ਨੂੰ ਮੌਤ ਦੀ ਰਾਜਨੀਤੀ ਲਈ ਵਰਤਣਾ ਕਬੀਰ ਦੀ ਬਾਣੀ ਦੇ ਮੂਲ ਭਾਵ ਨੂੰ ਵਿਗਾੜਨਾ ਹੋਵੇਗਾ। ਇੱਥੇ “ਮਰਨ” ਨੂੰ ਆਤਮਿਕ ਅਰਥਾਂ ਵਿੱਚ ਹਉਮੈ ਅਤੇ ਮੋਹ ਦੇ ਤਿਆਗ ਵਜੋਂ ਸਮਝਿਆ ਜਾ ਸਕਦਾ ਹੈ ਕਿ ਕਿਸੇ ਭੌਤਿਕ ਮੌਤ ਜਾਂ ਹਿੰਸਾ ਦੀ ਪ੍ਰੇਰਣਾ ਵਜੋਂ ਨਹੀਂ।

ਇਸ ਲਈ ਅੱਜ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪੰਜਾਬ ਦਾ ਨੌਜਵਾਨ ਕਿਸੇ ਦੇ ਹੱਥ ਦੀ ਭੀੜ ਨਾ ਬਣੇ। ਉਹ ਸਵਾਲ ਪੁੱਛੇ, ਤੱਥ ਜਾਂਚੇ, ਇਤਿਹਾਸ ਪੜ੍ਹੇ ਅਤੇ ਆਪਣੇ ਭਵਿੱਖ ਬਾਰੇ ਸੋਚੇ। ਕਿਉਂਕਿ ਸਵਰਗ ਦੀ ਬੁਕਿੰਗ ਦੇ ਨਾਂ ’ਤੇ ਧਰਤੀ ਨੂੰ ਨਰਕ ਬਣਾਉਣ ਵਾਲਿਆਂ ਤੋਂ ਸਾਵਧਾਨ ਰਹਿਣਾ ਹੀ ਅਸਲ ਅਕਲਮੰਦੀ ਹੈ। ਭਰਾ ਮਾਰੂ ਜੰਗ ਵਿੱਚੋਂ ਬਚੇਗਾ ਕੌਣ?ਅਤੇ ਸਭ ਤੋਂ ਵੱਡਾ ਸਵਾਲ ਕਿ ਇਸ ਵਿੱਚੋਂ ਖੱਟੀ ਕੌਣ ਖੱਟੇਗਾ?✍️ ਬੁੱਧ ਸਿੰਘ ਨੀਲੋਂ

9464370823

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments