ਮੌਜੂਦਾ ਸਰਕਾਰ ਦੇ ਕਾਰਜਕਾਲ ਦਾ 16 ਮਾਰਚ 2027 ਨੂੰ ਹੋਵੇਗਾ ਅੰਤ; ਆਖ਼ਰੀ ਛੇ ਮਹੀਨਿਆਂ ਦੌਰਾਨ ਸਰਕਾਰ ਸਾਹਮਣੇ ਵਧਣਗੀਆਂ ਸਿਆਸੀ ਤੇ ਸਮਾਜਿਕ ਚੁਣੌਤੀਆਂ
ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਬੁੱਧਵਾਰ ਤੋਂ ਛੇ ਮਹੀਨਿਆਂ ਦੀ ਉਲਟੀ ਗਿਣਤੀ ਸ਼ੁਰੂ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦੇ 16 ਮਾਰਚ 2027 ਨੂੰ ਪੰਜ ਸਾਲ ਪੂਰੇ ਹੋਣੇ ਹਨ। ਇਸ ਤਰ੍ਹਾਂ ਭਲਕ ਤੋਂ ਸਰਕਾਰ ਦੇ ਮੌਜੂਦਾ ਕਾਰਜਕਾਲ ਲਈ ਪੂਰੇ ਛੇ ਮਹੀਨੇ ਦਾ ਸਮਾਂ ਬਾਕੀ ਰਹਿ ਜਾਵੇਗਾ।
ਪਿਛਲੇ ਸਮੇਂ ’ਤੇ ਨਜ਼ਰ ਮਾਰੀਏ ਤਾਂ 1992 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਆਮ ਤੌਰ ’ਤੇ ਵਿਧਾਨ ਸਭਾ ਚੋਣਾਂ ਫਰਵਰੀ ਮਹੀਨੇ ਵਿੱਚ ਹੀ ਹੋਈਆਂ ਹਨ। ਇਸ ਦੌਰਾਨ ਸਿਰਫ਼ 2012 ਦੀਆਂ ਵਿਧਾਨ ਸਭਾ ਚੋਣਾਂ ਅਜਿਹੀਆਂ ਸਨ, ਜਿਨ੍ਹਾਂ ਲਈ 30 ਜਨਵਰੀ ਨੂੰ ਵੋਟਾਂ ਪਈਆਂ ਸਨ।
ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਛੇ ਮਹੀਨੇ ਸਿਆਸੀ ਪੱਖੋਂ ਅਹਿਮ ਮੰਨੇ ਜਾਂਦੇ ਹਨ। ਇਸ ਸਮੇਂ ਦੌਰਾਨ ਸਮਾਜ ਦੇ ਵੱਖ-ਵੱਖ ਵਰਗ ਆਪਣੀਆਂ ਮੰਗਾਂ ਅਤੇ ਹਿੱਤਾਂ ਦੀ ਪੂਰਤੀ ਲਈ ਸਰਕਾਰ ’ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੰਦੇ ਹਨ। ਬੁੱਧਵਾਰ ਤੋਂ ਕਿਸੇ ਜ਼ਿਮਨੀ ਚੋਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਵੇਗੀ, ਕਿਉਂਕਿ ਵਿਧਾਨ ਸਭਾ ਦੇ ਕਾਰਜਕਾਲ ਦੇ ਆਖ਼ਰੀ ਛੇ ਮਹੀਨੇ ਬਾਕੀ ਰਹਿਣ ’ਤੇ ਉਪ ਚੋਣ ਨਹੀਂ ਕਰਵਾਈ ਜਾ ਸਕਦੀ।
ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਆਪਣੇ ਨਵੇਂ ਹਲਕਾ ਇੰਚਾਰਜ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਦੂਜੇ ਪਾਸੇ ਭਾਜਪਾ ਵੱਲੋਂ 18 ਸਤੰਬਰ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਕੀਤੀ ਜਾ ਰਹੀ ਹੈ। ਆਉਂਦੇ ਦਿਨਾਂ ਵਿੱਚ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਦਲ ਬਦਲੀ ਦਾ ਦੌਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ।
ਸੱਤਾਧਾਰੀ ਧਿਰ ਨੂੰ ਆਖ਼ਰੀ ਛੇ ਮਹੀਨਿਆਂ ਦੌਰਾਨ ਕਈ ਮੁੱਦਿਆਂ ’ਤੇ ਧਿਆਨ ਦੇਣਾ ਪਵੇਗਾ। ਇਨ੍ਹਾਂ ਵਿੱਚ ਮੁਲਾਜ਼ਮ ਵਰਗ ਦੀਆਂ ਮੰਗਾਂ ਵੀ ਅਹਿਮ ਹਨ। ਮੁਲਾਜ਼ਮਾਂ ਵੱਲੋਂ ਬਕਾਇਆ ਮਹਿੰਗਾਈ ਭੱਤਾ, ਪੁਰਾਣੀ ਪੈਨਸ਼ਨ ਸਕੀਮ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਕਿਸਾਨੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਵੀ ਸੰਘਰਸ਼ ਤੇਜ਼ ਹੋ ਗਿਆ ਹੈ। ਚੋਣਾਂ ਨੇੜੇ ਆਉਣ ਦੇ ਨਾਲ ਸਰਕਾਰ ਸਾਹਮਣੇ ਵੱਖ-ਵੱਖ ਵਰਗਾਂ ਦੀਆਂ ਮੰਗਾਂ, ਸਿਆਸੀ ਸਰਗਰਮੀਆਂ ਅਤੇ ਵਿਰੋਧੀ ਧਿਰਾਂ ਦੇ ਅਭਿਆਨਾਂ ਨਾਲ ਜੁੜੀਆਂ ਚੁਣੌਤੀਆਂ ਹੋਰ ਵਧਣਗੀਆਂ।




