HomeGlobalਕੈਲੀਫੋਰਨੀਆ ’ਚ ਪੰਜਾਬਣ ਜੈਸਮੀਨ ਗਿੱਲ ਦਾ ਕਤਲ; ਪਤਨੀ ਦੇ ਲਾਪਤਾ ਹੋਣ ਬਾਰੇ...

ਕੈਲੀਫੋਰਨੀਆ ’ਚ ਪੰਜਾਬਣ ਜੈਸਮੀਨ ਗਿੱਲ ਦਾ ਕਤਲ; ਪਤਨੀ ਦੇ ਲਾਪਤਾ ਹੋਣ ਬਾਰੇ ਪਤੀ ਨੇ ਘੜੀ ਝੂਠੀ ਕਹਾਣੀ, ਗ੍ਰਿਫ਼ਤਾਰ

ਡਾਕ ਚੈੱਕ ਕਰਨ ਸਮੇਂ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ’ਚ ਲਏ ਜਾਣ ਦਾ ਕੀਤਾ ਸੀ ਦਾਅਵਾ; ਸੜੀ ਹੋਈ ਦੇਹ ਦੀ ਪਛਾਣ ਜੈਸਮੀਨ ਵਜੋਂ ਹੋਈ

California NRI Murder

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਵਿੱਚ 30 ਸਤੰਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ ਮੂਲ ਦੀ ਔਰਤ ਜੈਸਮੀਨ ਔਜਲਾ ਗਿੱਲ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਰਾਮੈਂਟੋ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਜੈਸਮੀਨ ਦੇ ਪਤੀ ਗੁਰਿੰਦਰ ਗਿੱਲ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਤੀ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਬਾਰੇ ਜਾਂਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਜੈਸਮੀਨ ਦੇ ਚਚੇਰੇ ਭਰਾ ਨੇ 4 ਅਕਤੂਬਰ ਨੂੰ ਉਸ ਦੇ ਲਾਪਤਾ ਹੋਣ ਸਬੰਧੀ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਦੇ ਇਲਾਕੇ ਵਿੱਚੋਂ ਇੱਕ ਔਰਤ ਦੀ ਸੜੀ ਹੋਈ ਦੇਹ ਬਰਾਮਦ ਹੋਈ ਸੀ। ਪੁਲੀਸ ਵੱਲੋਂ ਕੀਤੀ ਗਈ ਜਾਂਚ ਅਤੇ ਫੋਰੈਂਸਿਕ ਪੜਤਾਲ ਤੋਂ ਬਾਅਦ ਇਸ ਦੇਹ ਦੀ ਪਛਾਣ ਜੈਸਮੀਨ ਔਜਲਾ ਗਿੱਲ ਵਜੋਂ ਕੀਤੀ ਗਈ।

ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਗੁਰਿੰਦਰ ਗਿੱਲ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਘਰ ਦੇ ਬਾਹਰ ਡਾਕ ਚੈੱਕ ਕਰ ਰਹੀ ਸੀ, ਜਦੋਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਅਧਿਕਾਰੀ ਉਸ ਨੂੰ ਹਿਰਾਸਤ ਵਿੱਚ ਲੈ ਗਏ। ਹਾਲਾਂਕਿ, ਜਾਂਚ ਅਧਿਕਾਰੀਆਂ ਵੱਲੋਂ ਜਦੋਂ ਆਈਸੀਈ ਨਾਲ ਸੰਪਰਕ ਕਰਕੇ ਇਸ ਦਾਅਵੇ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਭਾਗ ਨੇ ਸਪੱਸ਼ਟ ਕੀਤਾ ਕਿ ਸਬੰਧਤ ਪਤੇ ’ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

ਜਾਂਚ ਅੱਗੇ ਵਧਣ ’ਤੇ ਪੁਲੀਸ ਨੂੰ ਗੁਰਿੰਦਰ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਮਿਲੇ। ਜਾਂਚਕਰਤਾਵਾਂ ਨੂੰ ਇਹ ਵੀ ਪਤਾ ਲੱਗਾ ਕਿ ਜੈਸਮੀਨ ਅਤੇ ਗੁਰਿੰਦਰ ਵਿਚਕਾਰ ਤਲਾਕ ਅਤੇ ਬੱਚੇ ਦੀ ਹਿਰਾਸਤ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਇਸ ਪਹਿਲੂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ।

ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਕਤਲ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਗੁਰਿੰਦਰ ਗਿੱਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ। ਇਸ ਤੋਂ ਬਾਅਦ 14 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਵੱਲੋਂ ਮੁਲਜ਼ਮ ਨਾਲ ਸਬੰਧਤ ਦੋ ਰਿਹਾਇਸ਼ਾਂ ’ਤੇ ਤਲਾਸ਼ੀ ਵਾਰੰਟ ਵੀ ਲਾਗੂ ਕੀਤੇ ਗਏ ਹਨ।

ਫਿਲਹਾਲ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲੀਸ ਵੱਲੋਂ ਇਕੱਠੇ ਕੀਤੇ ਜਾ ਰਹੇ ਸਬੂਤਾਂ ਅਤੇ ਜਾਂਚ ਦੇ ਹੋਰ ਪਹਿਲੂਆਂ ਦੇ ਆਧਾਰ ’ਤੇ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments