HomeIndianਪੰਜਾਬ ਵਿੱਚ ਗੈਂਗਸਟਰਾਂ ਦਾ ਖ਼ੌਫ਼, ਫ਼ਿਰੌਤੀਆਂ ਦੇ ਡਰ ਹੇਠ ਕਾਰੋਬਾਰੀ: ਸਚਿਨ ਪਾਇਲਟ

ਪੰਜਾਬ ਵਿੱਚ ਗੈਂਗਸਟਰਾਂ ਦਾ ਖ਼ੌਫ਼, ਫ਼ਿਰੌਤੀਆਂ ਦੇ ਡਰ ਹੇਠ ਕਾਰੋਬਾਰੀ: ਸਚਿਨ ਪਾਇਲਟ

ਪਰਗਟ ਸਿੰਘ ਤੇ ਸਚਿਨ ਪਾਇਲਟ ਵੱਲੋਂ ਮਰਹੂਮ ਹਰਜਿੰਦਰ ਸਿੰਘ ਮੇਲਾ ਦੇ ਪਰਿਵਾਰ ਨਾਲ ਮੁਲਾਕਾਤ; ਮੁੱਖ ਮੰਤਰੀ ਦੇ ਅਸਤੀਫ਼ੇ ਅਤੇ ਡੀਜੀਪੀ ਦੀ ਬਰਖ਼ਾਸਤਗੀ ਦੀ ਮੰਗ

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪਾਰਟੀ ਪ੍ਰਧਾਨ ਪਰਗਟ ਸਿੰਘ ਨੇ ਪੰਜਾਬ ਵਿੱਚ ਗੈਂਗਸਟਰਾਂ ਦੀਆਂ ਵਧ ਰਹੀਆਂ ਸਰਗਰਮੀਆਂ ਅਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਹੈ। ਦੋਵਾਂ ਆਗੂਆਂ ਨੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਸਵਾਲ ਉਠਾਉਂਦਿਆਂ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਰੋਬਾਰੀ ਫ਼ਿਰੌਤੀਆਂ ਦੇ ਡਰ ਹੇਠ ਜੀਅ ਰਹੇ ਹਨ ਅਤੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ।

ਬਠਿੰਡਾ ਦੌਰੇ ਦੌਰਾਨ ਸਚਿਨ ਪਾਇਲਟ ਅਤੇ ਪਰਗਟ ਸਿੰਘ ਨੇ ਕਥਿਤ ਤੌਰ ’ਤੇ ਫ਼ਿਰੌਤੀ ਦੀ ਮੰਗ ਪੂਰੀ ਨਾ ਹੋਣ ਕਾਰਨ ਕਤਲ ਕੀਤੇ ਗਏ ਅੰਮ੍ਰਿਤਸਰ ਦੇ ਕੁਲਚਾ ਕਾਰੋਬਾਰੀ ਹਰਜਿੰਦਰ ਸਿੰਘ ਮੇਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕਾਂਗਰਸੀ ਆਗੂਆਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪਾਰਟੀ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਹ ਮੁਲਾਕਾਤ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਹੋਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਚਿਨ ਪਾਇਲਟ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਵਿੱਚ ਅੱਜ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇੱਕ ਪਾਸੇ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ, ਜਦਕਿ ਦੂਜੇ ਪਾਸੇ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਵੀ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਮੰਗ ਪੂਰੀ ਨਾ ਹੋਣ ’ਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਪਾਇਲਟ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਸਤੀਫ਼ਾ ਦੇਣ ਅਤੇ ਡੀਜੀਪੀ ਨੂੰ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਸੂਬੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ।

ਪਰਗਟ ਸਿੰਘ ਨੇ ਵੀ ਪੰਜਾਬ ਦੀ ਮੌਜੂਦਾ ਸਥਿਤੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਅਮਨ-ਕਾਨੂੰਨ ਦੀ ਵਿਵਸਥਾ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਪੁਲੀਸ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।

ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਦੱਸਿਆ। ਇਸ ਦੌਰਾਨ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਸਬੰਧੀ ਰਿਪੋਰਟ ਮੰਗੇ ਜਾਣ ’ਤੇ ਵੀ ਵਿਅੰਗ ਕੀਤਾ।

ਇਸ ਮੌਕੇ ਪੰਜਾਬ ਕਾਂਗਰਸ ਦੇ ਸਹਾਇਕ ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਪੰਜਾਬ ਕਾਂਗਰਸ ਦੇ ਡੈਲੀਗੇਟ ਕੇ. ਕੇ. ਅਗਰਵਾਲ, ਮਾਰਕਫੈੱਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਜੀਦਾ ਅਤੇ ਪਵਨ ਮਾਨੀ ਸਮੇਤ ਹੋਰ ਆਗੂ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments